ਮੋਦੀ, ਮੰਡੀ ਅਤੇ ਮੁਨਾਫ਼ਾ
- ਹਰਮੀਤ ਸਮਾਘ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਅੱਜ ਪੂਰੀ ਚਰਚਾ ਵਿਚ ਹੈ। ਪਰ ਇਹ ਚਰਚਾ ਕ੍ਰਿਕਟ ਦੀ ਖੇਡ ਕਰਕੇ ਨਹੀਂ, ਬਲਕਿ ਆਈ. ਪੀ. ਐਲ. ਦੇ ਗੋਰਖ ਧੰਦੇ ਕਰਕੇ ਹੋ ਰਹੀ ਹੈ। ਕ੍ਰਿਕਟ ਵਿਚ ਇਨਕਲਾਬੀ ਬਦਲਾਅ ਲਿਆਉਣ ਦਾ ਦਾਅਵਾ ਕਰਨ ਵਾਲੀ ਇਸ ਲੀਗ ਨੇ ਸਭ ਕੁਝ ਸੱਚਮੁੱਚ ਬੜਾ ''ਇਨਕਲਾਬੀ'' ਕੀਤਾ ਹੈ, ਪਰ ਇਸ ਵਿਚੋਂ ਕ੍ਰਿਕਟ ਮਨਫ਼ੀ ਹੋ ਗਈ ਹੈ। ਇਨਕਮ ਟੈਕਸ ਵਿਭਾਗ ਦੇ ਕਹਿਣ ਮੁਤਾਬਿਕ, ''ਇਹ ਕ੍ਰਿਕਟ ਦੀ ਖੇਡ ਨਹੀਂ ਸੀ, ਬਲਕਿ ਕ੍ਰਿਕਟ ਦਾ ਬਹੁਤ ਵੱਡਾ ਬਿਜ਼ਨਿਸ ਸੀ।'' ਕ੍ਰਿਕਟ ਦੀ ਖੇਡ ਨਾਲ ਥੋੜ•ਾ ਬਹੁਤ ਵਾਹ ਵਾਸਤਾ ਰੱਖਣ ਵਾਲਿਆਂ ਨੂੰ ਯਾਦ ਹੋਵੇਗਾ ਕਿ ਕਿਵੇਂ ਕੈਰੀ ਪੈਕਰ ਨੇ ਕ੍ਰਿਕਟ ਦੀ ਖੇਡ ਨੂੰ ਰੰਗੀਨ ਕੀਤਾ ਸੀ। ਪਰ ਤਦ ਮਸਲਾ ਕ੍ਰਿਕਟ ਦਾ ਸੀ। ਚਿੱਟੀਆਂ
ਗੇਂਦਾਂ, ਖਿਡਾਰੀਆਂ ਦੀਆਂ ਰੰਗ ਬਰੰਗੀਆਂ ਵਰਦੀਆਂ, ਰਾਤ ਨੂੰ ਖੇਡੇ ਜਾਣ ਵਾਲੇ ਮੈਚ ਅਤੇ ਹੋਰ ਬਹੁਤ ਕੁਝ। ਪਰ ਆਈ. ਪੀ. ਐਲ. ਨੇ ਸਿਰਫ਼ ਖਿਡਾਰੀਆਂ ਨੂੰ ਰਾਤ ਨੂੰ ਖਿਡਾਇਆ ਹੀ ਨਹੀਂ, ਬਲਕਿ ਉਨ•ਾਂ ਨੂੰ ਇਹ ਵੀ ਸਿਖਾਇਆ (ਸ਼ਾਇਦ ਹੁਕਮ ਦਿੱਤਾ) ਕਿ ਇਸ ਤੋਂ ਵੀ ਵੱਧ ਕਿਵੇਂ ਆਪਣੇ ਲਈ ਤੇ ਆਈ. ਪੀ. ਐਲ. ਲਈ ਮੋਟਾ ਧਨ ਵਟੋਰਨ ਲਈ ਖੇਡਣਾ ਹੈ। ਦੁਨੀਆਂ ਦੇ ਹਰ ਕੋਨੇ ਤੋਂ ਇਕੱਠੇ ਕੀਤੇ ਖਿਡਾਰੀ, ਬਾਲੀਵੁੱਡ ਦਾ ਗਲੈਮਰ, ਚੀਅਰ ਗਰਲਜ਼ ਦੀਆਂ ਹਰ ਚੌਕੇ ਛਿੱਕੇ ਉਤੇ ਕਾਮੁਕ ਅਦਾਵਾਂ, ਸੱਤਾਧਾਰੀ ਪਾਰਟੀਆਂ ਦੇ ਵੱਡੇ ਸਿਆਸਤਦਾਨ ਅਤੇ ਅੰਨਾ ਪੈਸਾ। ਸਭ ਕੁਝ ਬੜਾ ਰੰਗੀਨ ਹੁੰਦਾ ਗਿਆ ਅਤੇ ਕੈਰੀ ਪੈਕਰ ਵਾਂਗੂ ਇਸ ਵਾਰ ਮੁੱਖ ਆਕਰਸ਼ਨ ਸੀ-ਲਲਿਤ ਮੋਦੀ ਨਾਂ ਦਾ ਇਕ ਚਾਤਰ ਬੰਦਾ।2007 ਵਿਚ ਆਈ. ਪੀ. ਐਲ. ਸ਼ੁਰੂ ਹੋਣ ਤੋਂ ਪਹਿਲਾਂ ਲਲਿਤ ਮੋਦੀ ਦਾ ਨਾਂ ਕੋਈ ਨਹੀਂ ਜਾਣਦਾ ਸੀ। ਇਕ ਵਪਾਰੀ ਪਰਿਵਾਰ 'ਚੋਂ ਆਉਣ ਵਾਲਾ ਇਹ ਸ਼ਖ਼ਸ ਬਿਜ਼ਨਿਸ 'ਚ ਕੁਝ ਵੀ ਖਾਸ ਨਹੀਂ ਸੀ ਕਰ ਸਕਿਆ। ਪਰ ਜੇ ਇਸਦਾ ਪਿਛੋਕੜ ਵੇਖੀਏ, ਤਾਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਇਹ ਬੰਦਾ ਸੀ ਮੁੱਢ ਤੋਂ ਹੀ ਉੱਚ-ਇੱਛਾਵਾਂ ਪਾਲਣ ਦਾ ਆਦੀ। ਇੰਗਲੈਂਡ 'ਚ ਜਦੋਂ ਪੜ•ਦਾ ਸੀ ਤਾਂ ਪਿਤਾ ਨੇ ਇਕ ਵਾਰ ਕੁਝ ਹਜ਼ਾਰ ਪੌਂਡ ਭੇਜੇ ਤਾਂ ਕਿ ਮੁੰਡਾ ਇਕ ਤਾਂ ਕੋਈ ਛੋਟੀ ਮੋਟੀ ਗੱਡੀ ਲੈ ਲਵੇ ਅਤੇ ਬਾਕੀ ਆਪਣੇ ਖਰਚ ਪਾਣੀ ਲਈ ਬਚਾ ਕੇ ਰੱਖ ਲਵੇ। ਪਰ ਦੱਸਦੇ ਨੇ ਇਸ ਨੇ ਉਨ•ਾਂ ਸਾਰੇ ਪੈਸਿਆਂ ਨਾਲ ਆਪਣੀ ਜ਼ਿੰਦਗੀ ਦੀ ਪਹਿਲੀ ਮਰਸਡੀਜ਼ ਕਾਰ ਕਢਵਾ ਲਈ। ਅਮਰੀਕਾ ਵਿਚ ਜਦੋਂ ਪੜ•ਦਾ ਸੀ, ਤਾਂ 1985 'ਚ ਕੋਕੀਨ (ਇਕ ਨਸ਼ੀਲੇ ਪਦਾਰਥ) ਰੱਖਣ ਦੇ ਜ਼ੁਰਮ 'ਚ ਸਜ਼ਾ ਹੋਈ। ਛੇੜਖਾਨੀ ਕਰਨ ਅਤੇ ਅਗਵਾ ਤੱਕ ਕਰਨ ਦੇ ਦੋਸ਼ ਇਸ 'ਤੇ ਲੱਗੇ। ਖ਼ੈਰ ਬਹੁਤ ਉੱਚਾ ਉੱਡਣ ਦੀ ਚਾਹਤ ਰੱਖਣ ਵਾਲੇ ਇਸ ਵਿਗੜੇ ਅਮੀਰ ਨੂੰ ਆਪਣਾ ਰਾਹ ਮਿਲ ਗਿਆ। ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਅਤੇ ਪ੍ਰਮੁੱਖ ਬੀ. ਜੇ. ਪੀ. ਲੀਡਰ ਵਸੁੰਧਰਾ ਰਾਜੇ ਨਾਲ ਪਰਿਵਾਰਕ ਦੋਸਤੀ ਸੀ। ਉਸ ਦਾ ਲਾਹਾ ਲੈਂਦਿਆਂ ਇਸ ਨੇ ਬੇਈਮਾਨੀ ਤੇ ਧੋਖਾਧੜੀ ਨਾਲ ਪੈਸਾ ਇਕੱਠਾ ਕਰਨ ਦੀ ਸ਼ੁਰੂਆਤ ਕੀਤੀ। ਜਾਲ•ੀ ਦਸਤਖਤਾਂ ਹੇਠ ਰਾਜਸਥਾਨ ਦੇ ਨਾਗੌਰ ਜਿਲ•ੇ ਵਿਚ ਜ਼ਮੀਨ ਖਰੀਦੀ ਤਾਂ ਜੋ ਆਪਣੇ ਆਪ ਨੂੰ ਰਾਜਸਥਾਨ ਦਾ ਵਸਨੀਕ ਸਾਬਤ ਕਰ ਸਕੇ। ਫੇਰ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਬਨਣ ਲਈ ਲਲਿਤ ਮੋਦੀ ਦੀ ਜਗ•ਾ ਲਲਿਤ ਕੁਮਾਰ ਦਾ ਨਾਂ ਚਲਾਇਆ ਅਤੇ ਇੰਝ ਉਸਨੇ ਆਪਣੇ ਨਾਪਾਕ ਸੁਪਨਿਆਂ ਨੂੰ ਅੱਗੇ ਵਧਾਇਆ। ਜਲਦੀ ਉਹ ਸਿਆਸੀ ਸਰਪ੍ਰਸਤੀ ਦੇ ਬਲ ਤੇ ਰਾਜਸਥਾਨ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਬਣ ਗਿਆ। ਉਹ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਐਨਾ ਕਰੀਬ ਸੀ ਕਿ ਸਿਆਸੀ ਹਲਕਿਆਂ ਵਿਚ 'ਸੁਪਰ ਮੁੱਖ ਮੰਤਰੀ' ਅਤੇ ਮਿਸਟਰ 10% ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦੱਸਦੇ ਹਨ ਕਿ ਜੈਪੁਰ ਦੇ ਕਿਸੇ 5 ਸਟਾਰ ਹੋਟਲ ਵਿਚ ਆ ਕੇ ਮੋਦੀ ਠਹਿਰਦਾ, ਤਾਂ ਬਾਹਰ ਉਸ ਨੂੰ ਮਿਲਣ ਲਈ ਆਈ. ਏ. ਐਸ. ਤੇ ਆਈ. ਪੀ. ਐਸ. ਅਫ਼ਸਰਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ। ਪੈਸੇ ਦੀ ਭੁੱਖ ਐਸੀ ਕਿ ਕਈ ਇਤਿਹਾਸਕ ਹਵੇਲੀਆਂ ਵੀ ਵੇਚ ਵੱਟ ਕੇ ਛੱਕ ਗਿਆ। ਆਈ. ਪੀ. ਐਲ. ਵੇਲੇ ਵੀ ਉਸ ਉਤੇ ਜੈਪੁਰ ਬੰਬ ਧਮਾਕਿਆਂ ਦੇ ਪੀੜਤਾਂ ਲਈ ਮੁੱਖ ਮੰਤਰੀ ਰਾਹਤ ਫੰਡ ਲਈ ਦਿੱਤੇ 6 ਕਰੋੜ ਰੁਪਏ ਰਾਹ ਵਿਚ ਹੀ ਹਜ਼ਮ ਕਰ ਜਾਣ ਦਾ ਦੋਸ਼ ਲੱਗਿਆ। ਜੇ ਅੱਜ ਦੀ ਗੱਲ ਕਰੀਏ, ਤਾਂ ਲਲਿਤ ਮੋਦੀ ਕੋਲ ਇਕ ਪ੍ਰਾਈਵੇਟ ਜੈਟ ਜਹਾਜ਼, 'ਲਗਜ਼ਰੀ' ਸਮੁੰਦਰੀ ਬੇੜੀ, ਕਈ ਮਰਸੀਡੀਜ਼ ਐਸ ਕਲਾਸ ਕਾਰਾਂ, ਰਾਜਸਥਾਨ ਦੀਆਂ ਹਵੇਲੀਆਂ ਅਤੇ ਹੋਰ ਪਤਾ ਨਹੀਂ ਕੀ ਕੁਝ ਹੈ।
ਜੇ ਵਾਪਸ ਆਈ. ਪੀ. ਐਲ. 'ਤੇ ਆਈਏ ਤਾਂ ਲੱਗਭਗ ਸਭ ਜਾਣਦੇ ਹਨ ਕਿ ਆਈ. ਪੀ. ਐਲ. 2007 ਵਿਚ ਆਈ. ਸੀ. ਐਲ. ਨਾਂ ਦੇ 20-20 ਕ੍ਰਿਕਟ ਟੂਰਨਾਮੈਂਟ ਦੇ ਮੁਕਾਬਲੇ ਵਿਚ ਸ਼ੁਰੂ ਕੀਤੀ ਗਈ ਸੀ। ਬੜੀ ਜਲਦੀ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਲਲਿਤ ਮੋਦੀ ਦੀ ਕਮਾਂਡ 'ਚ ਆਰੰਭੇ ਆਈ. ਪੀ. ਐਲ. ਨੇ ਆਈ. ਸੀ. ਐਲ. ਨੂੰ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ। ਆਈ. ਪੀ. ਐਲ. ਵਿਚ ਅੱਠ ਸ਼ਹਿਰਾਂ ਦੇ ਨਾਵਾਂ ਹੇਠ ਟੀਮਾਂ ਬਣੀਆਂ ਅਤੇ ਬੜੀਆਂ ਵੱਡੀਆਂ ਰਕਮਾਂ ਹੇਠ ਇਹ ਵੇਚ ਦਿੱਤੀਆਂ ਗਈਆਂ। ਬਾਲੀਵੁੱਡ ਸਟਾਰਾਂ, ਵੱਡੇ ਕਾਰਪੋਰੇਟਾਂ, ਸ਼ਰਾਬ ਦੇ ਬਿਜ਼ਨਿਸਮੈਨਾਂ ਤੋਂ ਲੈ ਕੇ ਸੀਮੇਂਟ ਅਤੇ ਰੀਅਲ ਐਸਟੇਟ ਦੀਆਂ ਧੜਵੈਲ ਕੰਪਨੀਆਂ ਵਲੋਂ 300-300 ਕਰੋੜ ਦੇ ਆਸ ਪਾਸ ਇਹ ਟੀਮਾਂ ਖਰੀਦੀਆਂ ਗਈਆਂ। ਕਈਆਂ ਦੀ ਤਾਂ ਅਜਿਹਾ ਕਰਨ ਦੀ ਹੈਸੀਅਤ ਅਤੇ ਕਾਬਲੀਅਤ ਸੀ, ਪਰ ਕੁਝ ਖਰੀਦਦਾਰਾਂ ਦੇ ਨਾਂ ਉਤੇ ਉਦੋਂ ਵੀ ਸ਼ੱਕ ਉਪਜੇ ਸਨ। ਪਰ ਸਭ ਕੁਝ ਇੰਨੀ ਤੇਜ਼ੀ ਨਾਲ ਵਾਪਰ ਰਿਹਾ ਸੀ ਕਿ ਹਰ ਵਿਰੋਧ ਜਾਂ ਸ਼ੱਕ ਦੀ ਆਵਾਜ਼ 'ਕ੍ਰਿਕਟ ਦੇ ਇਨਕਲਾਬੀ ਬਦਲ' ਦੇ ਰੌਲੇ ਗੌਲੇ ਵਿਚ ਹੀ ਗੁੰਮ ਹੋ ਗਈ। ਕ੍ਰਿਕਟ ਦੀ ਖੇਡ ਨਾਲ ਜਾਣਿਆ ਪਛਾਣਿਆ ਹਰ ਨਾਂ ਖਰੀਦ ਲਿਆ ਗਿਆ। ਜਿਹੜਾ ਜਿੰਨਾ ਜ਼ਿਆਦਾ ਹਰਮਨ ਪਿਆਰਾ, ਉਹਦਾ ਮੰਡੀ ਵਿਚ ਉਨ•ਾਂ ਹੀ ਵੱਧ ਮੁੱਲ। ਦਿਨਾਂ 'ਚ ਹੀ 'ਕ੍ਰਿਕਟ ਦੇ ਭਗਵਾਨ' ਕਹਾਉਣ ਵਾਲੇ ਉਘੇ ਕ੍ਰਿਕਟ ਖਿਡਾਰੀ ਕਰੋੜਾਂ 'ਚ ਕਾਰਪੋਰੇਟਾਂ ਕੋਲ 'ਵਿੱਕ' ਕੇ ਮਹਿਜ਼ ਖਰੀਦਦਾਰਾਂ ਦੇ ਇਸ਼ਾਰਿਆਂ ਉਤੇ ਨੱਚਣ ਵਾਲੇ ਗੁਲਾਮ ਬਣ ਕੇ ਰਹਿ ਗਏ। ਅਰਬਾਂ ਰੁਪਏ ਵਿਚ ਸਿੱਧੇ ਟੀ. ਵੀ. ਪ੍ਰਸਾਰਨ ਦੇ ਅਧਿਕਾਰ, ਟੂਰਨਾਮੈਂਟ ਦੀ ਸਪਾਂਸਰਸ਼ਿਪ, ਸਹਾਇਕ ਸਪਾਂਸਰਸ਼ਿਪ, ਆਫੀਸ਼ੀਅਲ ਡਰਿੰਕ, ਇੰਟਰਨੈਟ ਅਧਿਕਾਰ ਆਦਿ ਸਭ ਵਿਕ ਗਿਆ। ਭਾਰਤ ਦੀ ਸਭ ਤੋਂ ਹਰਮਨ ਪਿਆਰੀ ਖੇਡ, ਜਿਸ ਪਿੱਛੇ ਕਹਿੰਦੇ ਨੇ ਦੇਸ਼ ਦੇ ਅਣਗਿਣਤ ਲੋਕ ਪਾਗਲ ਹਨ, ਉਹ ਖੇਡ ਇਕ ਪ੍ਰਾਈਵੇਟ ਬੋਰਡ ਅਤੇ ਉਸਦੀ ਜੁੰਡਲੀ ਨੇ ਆਪਣੀ ਮਰਜ਼ੀ ਮੁਤਾਬਿਕ ਜਿਸ ਨੂੰ ਵੀ ਦਿਲ ਕੀਤਾ ਵੇਚ ਦਿੱਤੀ।
ਖੈਰ ਆਈ. ਪੀ. ਐਲ. ਚੱਲ ਨਿਕਲੀ। ਦਿਨਾਂ ਵਿਚ ਹੀ ਦੇਸ਼ ਦੇ ਹਰ ਕੋਨੇ ਵਿਚ ਆਈ. ਪੀ. ਐਲ. ਵਲੋਂ ਮੈੱਚ ਹੋਣ ਲੱਗੇ। ਮਿਡਲ ਕਲਾਸ ਦੇ ਇਕ ਹਿੱਸੇ ਨੂੰ ਆਪਣੀ ਰੁਟੀਨ ਦੀ ਬੋਰੀਅਤ ਭਰੀ ਜ਼ਿੰਦਗੀ ਵਿਚ ਕੁਝ ਦਿਨਾਂ ਲਈ ਦਿਲਚਸਪ ਨਜ਼ਾਰੇ ਵਾਲੀ ਚੀਜ਼ ਲੱਭ ਗਈ। ਆਈ. ਪੀ. ਐਲ. ਨੂੰ ਕੰਟਰੋਲ ਕਰਨ ਲਈ ਬੀ. ਸੀ. ਸੀ. ਆਈ. ਵਲੋਂ ਇਕ ਗਵਰਨਿੰਗ ਕਾਉਂਸਿਲ ਬਣਾਈ ਗਈ। ਪਰ ਤੂਤੀ ਸਿਰਫ਼ ਆਈ. ਪੀ. ਐਲ. ਦੇ ਚੇਅਰਮੈਨ ਦੀ ਹੀ ਬੋਲਦੀ ਸੀ। ਹਰ ਸੌਦਾ, ਸਮਝੌਤਾ, ਟੀਮਾਂ ਦੀ ਵਿਕਰੀ, ਖੇਡ ਦੇ ਨਿਯਮ, ਪੈਸੇ ਦਾ ਲੈਣ ਦੇਣ, ਸਮਝੌਤੇ ਲਾਗੂ ਕਰਨ ਅਤੇ ਰੱਦ ਕਰਨ ਆਦਿ ਹਰ ਚੀਜ਼ ਦਾ ਕੰਟਰੋਲ ਸਿਰਫ਼ ਇਕੋ ਸ਼ਖ਼ਸ ਕੋਲ ਸੀ, ਤੇ ਉਹ ਸੀ ਲਲਿਤ ਮੋਦੀ। ਇਥੋਂ ਤੱਕ ਕਿ ਕੋਈ ਟੀਮ ਕਿਸ ਨੂੰ ਵੇਚਣੀ ਹੈ, ਇਸ ਦਾ ਫੈਸਲਾ (ਸੌਦਾ) ਵੀ ਲਲਿਤ ਮੋਦੀ ਪਹਿਲਾਂ ਹੀ ਕਰ ਲੈਂਦਾ ਸੀ। ਬੋਲੀ ਵਿਚ ਸੋਨੀ ਐਮ. ਐਸ. ਐਨ. ਗਰੁੱਪ ਨੇ ਆਈ. ਪੀ. ਐਲ. ਦੀ ਮਾਰਕੀਟਿੰਗ ਏਜੰਸੀ WS7 ਗਰੁੱਪ ਤੋਂ ਟੀ. ਵੀ. ਪ੍ਰਸਾਰਨ ਦੇ ਹੱਕ ਜਿੱਤ ਲਏ। ਸੌਦਾ ਹੋ ਗਿਆ। ਪਰ 2009 ਵਿਚ ਲਲਿਤ ਮੋਦੀ ਨੇ ਬਿਨ•ਾਂ ਕਿਸੇ ਨੂੰ ਪੁੱਛੇ ਦੱਸੇ ਸੌਦਾ ਕੈਂਸਲ ਕਰ ਦਿੱਤਾ ਅਤੇ ਪ੍ਰਸਾਰਨ ਹੱਕ ਇਕ ਹੋਰ ਗਰੁੱਪ WS7 Mauritius ਨੂੰ ਦੇ ਦਿੱਤੇ। ਸੋਨੀ ਵਾਲਿਆਂ ਵੀ ਕਿਸੇ ਪੰਗੇ ਵਿਚ ਪੈਣ ਤੋਂ ਗੁਰੇਜ਼ ਕਰਦਿਆਂ ਪਹਿਲੇ ਸੌਦੇ ਨਾਲੋਂ ਵੱਧ ਪੈਸੇ ਵਿਚ WS7 Mauritius ਨਾਲ ਦੁਬਾਰਾ ਸਮਝੌਤਾ ਕਰ ਲਿਆ। ਇਸ ਤੋਂ ਇਲਾਵਾ 425 ਕਰੋੜ ਰੁਪਏ ਦੀ ਵਾਧੂ ਹੋਰ ਰਕਮ ਵੀ ਦੇਣੀ ਮੰਨ ਲਈ, ਜਿਸ ਨੂੰ Facilitation fee ਦਾ ਨਾਂ ਦੇ ਦਿੱਤਾ ਗਿਆ। ਹੁਣ ਪਤਾ ਚੱਲ ਰਿਹਾ ਹੈ ਕਿ ਮੋਦੀ ਦਾ ਤਿੰਨ ਟੀਮਾਂ-ਕੋਲਕਾਤਾ ਨਾਈਟ ਰਾਈਡਰਜ਼, ਪੰਜਾਬ ਕਿੰਗਜ਼ - X9, ਰਾਜਸਥਾਨ ਰੌਇਲਜ਼ ਵਿਚ ਆਪਣਾ ਵੀ ਹਿੱਸਾ ਸੀ, ਜੋ ਕਦੇ ਵੀ ਵਿਖਾਇਆ ਨਹੀਂ ਗਿਆ। ਰਾਜਸਥਾਨ ਰੌਇਲਜ਼ ਟੀਮ ਵਿਚ 44% ਹਿੱਸਾ ਮੋਦੀ ਦੇ ਸਾਲੇ ਸੁਰੇਸ਼ ਚੇਲਾਰਾਮ ਦਾ ਹੈ। ਇਕ ਕੰਪਨੀ ਗਲੋਬਲ ਕ੍ਰਿਕਟ ਵੈਂਚੂਅਰਜ਼ (7.V.3) ਆਈ. ਪੀ. ਐਲ. ਸ਼ੁਰੂ ਹੋਣ ਤੋਂ ਮਹਿਜ਼ ਇਕ ਸਾਲ ਪਹਿਲਾਂ ਹੋਂਦ ਵਿਚ ਆਈ। ਇਸ ਕੰਪਨੀ ਦਾ ਮੁੱਖ ਡਾਇਰੈਕਟਰ ਹੈ-ਗੌਰਵ ਬਰਮਨ, ਲਲਿਤ ਮੋਦੀ ਦਾ ਜਵਾਈ। 2017 ਤੱਕ ਦੇ ਆਈ. ਪੀ. ਐਲ. ਦੇ ਪੂਰੇ ਵਿਸ਼ਵ ਲਈ ਡਿਜ਼ੀਟਲ ਅਤੇ ਮੋਬਾਇਲ ਹੱਕ ਇਸੇ ਕੰਪਨੀ ਕੋਲ ਹਨ। ਸਾਹਮਣੇ ਤਾਂ ਇਹ ਵੀ ਆ ਰਿਹਾ ਹੈ ਕਿ ਹਰ ਟੀਮ ਵਿਚ ਮੁਨਾਫ਼ੇ ਦਾ ਸਿੱਧਾ ਫਾਰਮੂਲਾ ਬਣਿਆ ਹੋਇਆ ਸੀ। 60% ਮੁੱਖ ਫਾਇਨੈਂਸਰ ਦਾ, 20% ਲਲਿਤ ਮੋਦੀ ਦਾ ਅਤੇ ਬਾਕੀ ਦਾ 20% ਫ਼ਿਲਮ ਸਟਾਰਾਂ, ਨੇਤਾਵਾਂ ਆਦਿ ਦਾ। ਪਰ ਇਸ ਪੂਰੇ ਵਰਤਾਰੇ 'ਚ ਇਉਂ ਵੀ ਨਹੀਂ ਹੈ ਕਿ ਲਲਿਤ ਮੋਦੀ ਇਕੱਲਾ ਹੀ ਕਰਤਾ ਧਰਤਾ ਸੀ ਅਤੇ ਨਾ ਹੀ ਐਡਾ ਵੱਡਾ ਘੋਟਾਲਾ ਕਰਨਾ ਉਸ ਇਕੱਲੇ ਦੇ ਵੱਸ ਵਿਚ ਸੀ। ਇਹ ਸਭ ਇਸ ਕਰਕੇ ਹੀ ਸੰਭਵ ਹੋਇਆ, ਕਿਉਂਕਿ ਲੋਕਾਂ ਸਾਹਮਣੇ ਸਿਆਸੀ ਦੁਸ਼ਮਨੀ ਦਾ ਦਿਖਾਵਾ ਕਰਨ ਵਾਲੀਆਂ ਤਮਾਮ ਬੁਰਜੂਆ ਸਿਆਸੀ ਪਾਰਟੀਆਂ ਲਈ ਆਈ. ਪੀ. ਐਲ. ਇਕ ਐਸਾ ਸਾਂਝਾ ਮੰਚ ਸੀ, ਜਿੱਥੇ ਉਹ ਮਿਲ ਕੇ ਜਨਤਾ ਦੇ ਅਰਬਾਂ ਰੁਪਏ ਦੀ ਚੁੱਪਚਾਪ ਲੁੱਟ ਕਰ ਸਕਦੀਆਂ ਸਨ। ਨੈਸ਼ਨਲ ਕਾਂਗਰਸ ਪਾਰਟੀ (ਐਨ. ਸੀ. ਪੀ.) ਦੇ ਸ਼ਰਦ ਪਵਾਰ ਅਤੇ ਪ੍ਰਫੁਲ ਪਟੇਲ ਦਾ ਨਾਂ ਤਾਂ ਕਿਸੇ ਕੋਲਂੋ ਲੁਕਿਆ ਨਹੀਂ ਹੈ। ਸ਼ਰਦ ਪਵਾਰ-ਜੋ ਕਿ ਬੀ. ਸੀ. ਸੀ. ਆਈ. ਦਾ ਪ੍ਰਧਾਨ ਵੀ ਹੈ-ਨੂੰ ਤਾਂ ਆਈ. ਪੀ. ਐਲ. ਦੀ ਸ਼ਕਲ ਵਿਚ ਸੋਨੇ ਦੀ ਖਾਣ ਹੀ ਮਿਲ ਗਈ। ਬੋਰਡ ਦੇ ਹੀ ਇਕ ਅੰਦਰਲੇ ਸੂਤਰ ਦੇ ਸ਼ਬਦਾਂ ਨੂੰ ਹੀ ਸੁਣ ਲਓ, ''ਜੇ ਕੋਈ ਵੀ ਲਲਿਤ ਮੋਦੀ ਦੇ ਖਿਲਾਫ ਸ਼ਿਕਾਇਤ ਲੈ ਕੇ ਸ਼ਰਦ ਪਵਾਰ ਕੋਲ ਜਾਂਦਾ, ਤਾਂ ਪਵਾਰ ਸਾਹਿਬ ਕਹਿ ਦਿੰਦੇ ਕਿ ਉਹ (ਲਲਿਤ) ਬੋਰਡ ਲਈ ਪੈਸੇ ਲਿਆ ਰਿਹਾ ਹੈ, ਉਸਨੂੰ ਆਪਣੇ ਮੁਤਾਬਿਕ ਕੰਮ ਕਰਨ ਦਿਓ।'' ਇਸ ਤੋਂ ਇਲਾਵਾ ਬੀ. ਸੀ. ਸੀ. ਆਈ. ਦਾ ਸਕੱਤਰ ਐਨ. ਸ੍ਰੀਨੀਵਾਸਨ ਚੈਨਈ ਸੁਪਰ ਕਿੰਗਜ਼ ਟੀਮ ਦਾ ਮਾਲਕ ਹੈ। ਵੈਸੇ ਉਹ ਇਕ ਵੱਡੀ ਸੀਮਿੰਟ ਕੰਪਨੀ ਦਾ ਵੀ ਮਾਲਕ ਹੈ। ਬੀ. ਜੇ. ਪੀ. ਦੇ ਇਕ ਪ੍ਰਮੁੱਖ ਲੀਡਰ (ਜੋ ਕਿ ਮਸ਼ਹੂਰ ਵਕੀਲ ਵੀ ਹੈ) ਦਾ ਹਿੱਸਾ ਦਿੱਲੀ ਡੇਅਰਡੇਵਿਲ ਟੀਮ ਵਿਚ ਹੈ। ਪ੍ਰਫੁੱਲ ਪਟੇਲ ਦੀ ਲੜਕੀ ਲਲਿਤ ਮੋਦੀ ਦੇ ਦਫ਼ਤਰ ਵਿਚ ਹੀ ਕੰਮ ਕਰਦੀ ਸੀ। ਸ਼ਰਦ ਪਵਾਰ ਦੇ ਕਈ ਰਿਸ਼ਤੇਦਾਰਾਂ ਤੋਂ ਇਲਾਵਾ ਉਸ ਦੇ ਦਾਮਾਦ ਦਾ ਵੀ ਵੱਡਾ ਹਿੱਸਾ ਦੱਸਿਆ ਜਾ ਰਿਹਾ ਹੈ। ਆਈ. ਪੀ. ਐਲ. 'ਚ ਨਿਵੇਸ਼ ਕਰਨ ਵਾਲੀ ਇਕ ਕੰਪਨੀ ਵਿਚ ਪਵਾਰ ਦੀ ਐਮ. ਪੀ. ਲੜਕੀ ਸੁਪਰੀਆ ਸਾਲੇ ਅਤੇ ਫ਼ਿਲਮ ਐਕਟਰ ਜੈਕੀ ਸ਼ਰਾਫ ਦਾ ਨਾਂ ਸ਼ਾਮਲ ਹੈ। ਕਾਂਗਰਸ ਦੇ ਇਕ ਹੋਰ ਐਮ. ਪੀ. ਦੇ ਮੁੰਡੇ ਦਾ ਹਿੱਸਾ ਸਾਊਥ ਵਾਲੀ ਇਕ ਟੀਮ ਵਿਚ ਹੈ। ਕਾਂਗਰਸ ਐਮ. ਪੀ. ਅਤੇ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਰਾਜੀਵ ਸ਼ੁਕਲਾ ਵੀ ਆਈ. ਪੀ. ਐਲ. ਦੀ ਗਵਰਨਿੰਗ ਕੌਂਸਿਲ ਦਾ ਮੈਂਬਰ ਹੈ। ਇਹ ਤਾਂ ਮਹਿਜ਼ ਉਹ ਨਾਂ ਹਨ ਜਿਨ•ਾਂ ਦਾ ਖੁਲਾਸਾ ਹੋ ਚੁੱਕਿਆ ਹੈ। ਅਜੇ ਹੋਰ ਪਤਾ ਨਹੀਂ ਕਿੰਨੇ ਕੁ ਕੇਂਦਰੀ ਕੈਬਨਿਟ ਮੰਤਰੀ, ਕੇਂਦਰੀ ਰਾਜ ਮੰਤਰੀ ਜਾਂ ਗਵਰਨਰਾਂ ਦਾ ਨਾਂ ਨਿਕਲਣਾ ਬਾਕੀ ਹੈ ਤੇ ਇਹ ਵੀ ਹੋ ਸਕਦਾ ਹੈ ਕਿ ਗੱਲ ਦੱਬ ਲਈ ਜਾਵੇ ਕਿਉਂਕਿ ਇਥੇ ਮੁਲਜ਼ਿਮ ਵੀ ਸਰਕਾਰ ਹੈ ਅਤੇ ਮੁਨਸਿਫ ਵੀ ਸਰਕਾਰ ਹੀ ਹੈ। ਇਸ ਪੂਰੀ ਤਸਵੀਰ ਤੋਂ ਤਾਂ ਇਹੀ ਲੱਗਦਾ ਹੈ ਕਿ ਲਲਿਤ ਮੋਦੀ ਤਾਂ ਮਹਿਜ਼ ਇਸ ਸ਼ਤਰੰਜ ਦੀ ਬਿਸਾਤ ਦਾ ਇਕ ਵਜ਼ੀਰ ਹੀ ਸੀ ਅਤੇ ਸ਼ਾਹਰੁਖ ਖਾਨ, ਅਰਜੁਨ ਰਾਮਪਾਲ (ਕਰੋੜਾਂ ਰੁਪਏ ਆਈ. ਪੀ. ਐਲ. ਦੇ ਮੈਚਾਂ ਦੌਰਾਨ 15 ਮਿੰਟ ਦਾ ਫੈਸ਼ਨ ਸ਼ੋਅ ਕਰਾਉਣ ਦੇ ਮਿਲਦੇ ਸਨ), ਸ਼ਿਲਪਾ ਸ਼ੈੱਟੀ, ਪਿੰ੍ਰਟੀ ਜ਼ਿੰਟਾ ਆਦਿ ਸਿਰਫ਼ ਮੋਹਰੇ ਸਨ ਜਿਨ•ਾਂ ਦਾ ਕੰਮ ਕੁਝ ਕਰੋੜਾਂ ਬਦਲੇ ਆਈ. ਪੀ. ਐਲ. ਨੂੰ ਲੋਕਾਂ ਦੀਆਂ ਨਜ਼ਰਾਂ 'ਚ ਮਾਨਤਾ ਦਵਾਉਣਾ ਅਤੇ ਇਸ ਨੂੰ ਗਲੈਮਰ ਭਰਪੂਰ ਬਣਾਉਣਾ ਹੀ ਸੀ। ਪਾਠਕਾਂ ਦੇ ਮਨ ਵਿਚ ਇਹ ਸਵਾਲ ਹੋ ਸਕਦਾ ਹੈ ਕਿ ਜਦ ਸਭ ਕੁਝ ਚੁੱਪ ਚਾਪ ਅਤੇ ਲੋਟੂਆਂ ਦੀ ਆਪਸੀ ਸਹਿਮਤੀ ਨਾਲ ਚੱਲ ਰਿਹਾ ਸੀ, ਤਾਂ ਇਹ ਹਾਲਾਤ ਕਿਵੇਂ ਬਣ ਗਏ ਕਿ ਹੁਣ ਕਾਫੀ ਕੁਝ ਜੱਗ ਜ਼ਾਹਿਰ ਹੋ ਚੁੱਕਿਆ ਹੈ। ਅਰਬਾਂ ਦੇ ਮਰੂੰਡੇ ਖਾਣ ਵਾਲਿਆਂ ਅਤੇ ਜਨਤਾ ਦੀ ਅੱਖਾਂ 'ਚ ਘੱਟਾ ਪਾਉਣ ਵਾਲਿਆਂ ਨੇ ਕਿਉਂ ਆਪ ਹੀ ਇਕ ਦੂਜੇ ਉਤੇ ਚਿੱਕੜ ਉਛਾਲਣਾ ਸ਼ੁਰੂ ਕਰ ਦਿੱਤਾ। ਕਮਿਊਨਿਸਟ ਵਿਚਾਰਧਾਰਾ ਦਾ ਗਿਆਨ ਰੱਖਣ ਵਾਲੇ ਜਾਣਦੇ ਹਨ ਕਿ ਪੂੰਜੀਵਾਦ ਦੇ ਸੰਕਟ ਵਿਚ ਫਸਣ ਦੀਆਂ ਵਿਰੋਧਤਾਈਆਂ ਵੀ ਉਸਦੇ (ਪੂੰਜੀਵਾਦ) ਵਿਕਾਸ ਦੇ ਅੰਦਰ ਹੀ ਮੌਜੂਦ ਹੁੰਦੀਆਂ ਹਨ। ਲੱਗਪਗ ਇਹੋ ਜਿਹਾ ਹੀ ਕੁਝ ਐਥੇ ਵਾਪਰਿਆ। ਖੇਡਾਂ ਦਾ ਢਾਂਚਾ ਜਾਂ ਬੁਨਿਆਦ ਐਸੀ ਹੁੰਦੀ ਹੈ ਕਿ ਉਸ ਲਈ ਲਗਾਤਾਰ ਵਿਕਾਸ ਕਰਦੇ ਰਹਿਣਾ ਅਸੰਭਵ ਹੁੰਦਾ ਹੈ। ਕਿਸੇ ਵੀ ਖੇਡ ਦਾ ਹੋਂਦ ਵਿਚ ਆਉਣਾ ਅਤੇ ਲੋਕਾਂ ਵਲੋਂ ਉਸ ਦੇ ਢਾਂਚੇ (ਸਟਰੱਕਚਰ) ਨੂੰ ਮਾਨਤਾ ਮਿਲਣੀ ਇਕ ਲੰਬੀ ਪ੍ਰਕਿਰਿਆ ਹੈ। ਇਕ ਵਾਰ ਜਦ ਕੋਈ ਖੇਡ ਅਤੇ ਉਸਦਾ ਸਟਰੱਕਚਰ ਸਥਾਪਿਤ ਹੋ ਜਾਂਦਾ ਹੈ, ਫਿਰ ਉਹਦਾ ਲਗਾਤਾਰ ਬਦਲਾਅ ਜਾਂ ਵਿਕਾਸ ਅਸੰਭਵ ਹੁੰਦਾ ਹੈ। ਪਰ ਦੂਜੇ ਪਾਸੇ ਮੰਡੀ ਦਾ ਤਰਕ ਹੈ ਲਗਾਤਾਰ ਵਿਕਾਸ ਕਰਨਾ ਅਤੇ ਮੁਨਾਫੇ ਦਾ ਵਧਦੇ ਜਾਣਾ। ਇਹ ਪੂੰਜੀਵਾਦੀ ਕਾਰਪੋਰੇਟ ਢਾਂਚੇ ਦਾ ਧੁਰਾ ਹੈ। ਬੱਸ ਇੱਥੇ ਹੀ ਪੈਦਾ ਹੋਇਆ ਹਿੱਤਾਂ ਦਾ ਟਕਰਾਅ। ਇਕ ਪਾਸੇ ਸੀ ਸਥਾਪਿਤ ਕ੍ਰਿਕਟ ਦੀ ਖੇਡ ਅਤੇ ਦੂਜੇ ਪਾਸੇ ਸੀ ਮੁਨਾਫੇ ਦਾ ਲਗਾਤਾਰ ਵਿਕਾਸ। ਇਹੀ ਸੀ ਮੁੱਖ ਵਿਰੋਧਤਾਈ। ਪਹਿਲਾਂ ਤਾਂ ਆਈ. ਪੀ. ਐਲ. ਦੇ ਪ੍ਰਬੰਧਕਾਂ ਨੇ ਖੇਡ ਦੇ ਬੁਨਿਆਦੀ ਢਾਂਚੇ ਜਾਂ ਨਿਯਮਾਂ 'ਚ ਕੁਝ ਬਦਲਾਅ ਕਰਕੇ ਹੀ ਮੁਨਾਫ਼ਾ ਵਧਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਕੁਝ ਓਵਰਾਂ ਬਾਅਦ 'ਟਾਇਮ ਆਊਟ' ਦਾ ਨਿਯਮ ਬਣਾ ਦਿੱਤਾ ਗਿਆ, ਤਾਂ ਕਿ ਮਸ਼ਹੂਰੀਆਂ ਅਤੇ Advertisement ਰਾਹੀਂ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਇਸ ਤੋਂ ਇਲਾਵਾ ਖੇਡ ਤੋਂ ਬਾਹਰ ਵੀ ਕਈ ਚੀਜ਼ਾਂ ਨਵੀਆਂ ਕੀਤੀਆਂ ਗਈਆਂ। ਜਿਵੇਂ ਹਰ ਵਿਕਟ, ਚੌਕੇ ਛਿੱਕੇ ਉਤੇ ਵਿਦੇਸ਼ੀ ਚੀਅਰ ਗਰਲਜ਼ ਦਾ ਛੋਟੇ ਛੋਟੇ ਕੱਪੜੇ ਪਾ ਕੇ ਨੱਚਣਾ,
ਸਟੇਡੀਅਮਾਂ ਵਿਚ ਮਹਿੰਗੇ ਭਾਅ ਸ਼ਰਾਬ ਦੀ ਵਿਕਰੀ, ਅੰਪਾਇਰਾਂ ਲਈ ਵੱਖਰੇ ਸਪੌਂਸਰ, ਤੀਜੇ ਅੰਪਾਇਰ ਦੇ ਫੈਸਲੇ ਵੇਲੇ ਵੀ ਕਿਸੇ ਕੰਪਨੀ ਦੀ ਮਸ਼ਹੂਰੀ, ਗਰਮੀਆਂ ਦੀਆਂ ਛੁੱਟੀਆਂ ਵੇਲੇ ਅਤੇ ਰਾਤ ਦੇ ਵਕਤ (ਪ੍ਰਾਈਮ ਟਾਈਮ) ਹੀ ਮੈਚ ਕਰਾਉਣੇ ਆਦਿ। ਪਰ ਇਨ•ਾਂ ਤਮਾਮ ਤਬਦੀਲੀਆਂ ਜਾਂ ਕੋਸ਼ਿਸ਼ਾਂ ਦੀ ਇਕ ਸੀਮਾ ਸੀ, ਜੋ ਕਦੇ ਵੀ ਵੱਧ ਤੋਂ ਵੱਧ ਅਤੇ ਲਗਾਤਾਰ ਵੱਧਦੀ ਮੁਨਾਫੇ ਦੀ ਲਲਕ ਦਾ ਮੁਕਾਬਲਾ ਕਰਨ ਤੋਂ ਅਸਮਰਥ ਸਨ ਅਤੇ ਆਖਿਰ ਉਹੀ ਹੋਇਆ, ਜੋ ਪ੍ਰਬੰਧਕਾਂ ਕੋਲ ਇਸ ਪ੍ਰਕਿਰਿਆ ਦਾ ਇਕੋ ਇਕ ਰਾਹ ਸੀ। ਕਾਲੀਆਂ ਤਾਕਤਾਂ ਅੱਗੇ ਗੋਡੇ ਟੇਕ ਦਿੱਤੇ ਗਏ। ਕਾਲਾ ਧਨ, ਬੇਨਾਮੀ ਕੰਪਨੀਆਂ, ਸੱਟਾ ਬਾਜ਼ਾਰ, ਮੈਚ ਫਿਕਸਿੰਗ, ਹਵਾਲਾ, ਨਸ਼ਾ ਬਜ਼ਾਰ, ਅੰਡਰਵਰਲਡ ਆਦਿ ਲਈ ਰਾਹ ਖੋਲ• ਦਿੱਤੇ ਗਏ। ਟੀਮਾਂ ਦੇ ਚਿਹਰੇ ਕੁਝ ਪਾਪੁਲਰ ਲੋਕ ਬਣ ਜਾਂਦੇ ਅਤੇ ਪੈਸਾ ਮੌਰੀਸ਼ੀਅਸ, ਕੇਅਮੈਨ ਦੀਪ ਆਦਿ ਜਿਹੀਆਂ ਬਦਨਾਮ ਥਾਵਾਂ ਤੋਂ ਨਿਵੇਸ਼ ਹੋਣ ਲੱਗਾ। ਇਨਕਮ ਟੈਕਸ ਵਾਲਿਆਂ ਦੀ ਰਿਪੋਰਟ ਅਨੁਸਾਰ ਦੁਨੀਆ ਦੀ ਸਭ ਤੋਂ ਵੱਡੀ ਸੱਟਾ ਕੰਪਨੀ 'ਬੈਟਫੇਅਰ' ਨਾਲ ਲਲਿਤ ਮੋਦੀ ਦੇ ਗੂੜ•ੇ ਰਿਸ਼ਤੇ ਸਨ (ਮੋਦੀ ਦੇ ਈ. ਮੇਲਾਂ ਰਾਹੀਂ ਖੁਲਾਸਾ)। ਮੈਚ ਫਿਕਸਿੰਗ ਦਾ ਭੂਤ ਪੂਰੇ ਆਈ. ਪੀ. ਐਲ. 'ਤੇ ਛਾ ਗਿਆ। ਅੰਡਰਵਰਲਡ, ਭ੍ਰਿਸ਼ਟ ਸਿਆਸਤਦਾਨਾਂ ਆਦਿ ਲਈ ਆਪਣਾ ਕਾਲਾ ਧਨ 'ਚਿੱਟਾ' ਕਰਨ ਦਾ ਇਕ ਸੌਖਾ ਰਾਹ ਬਣ ਗਈ ਆਈ. ਪੀ. ਐਲ.। ਇਸ ਦੀ ਭਿਣਕ ਤਾਂ ਵੇਖਣ ਵਾਲਿਆਂ ਨੂੰ ਉਦੋਂ ਵੀ ਲੱਗ ਗਈ ਸੀ, ਜਦ ਤੀਜੇ ਸ਼ੀਜ਼ਨ ਵਿਚ ਮਹਿਜ਼ ਦੋ ਟੀਮਾਂ ਹੀ 3000 ਕਰੋੜ ਤੋਂ ਵੱਧ ਰੁਪਏ ਵਿਚ ਵਿਕ ਗਈਆਂ ਸਨ। ਜਦ ਕਿ ਪਹਿਲੀਆਂ ਅੱਠ ਟੀਮਾਂ ਦਾ ਕੁੱਲ ਜੋੜ ਕੋਈ 2800 ਕਰੋੜ ਰੁਪਏ ਦੇ ਆਸ ਪਾਸ ਸੀ। ਇਕ ਟੀਮ ਰੈਂਦਵੂ ਸਪੋਰਟਸ ਵਾਲਿਆਂ ਦੇ ਨਾਂ ਹੇਠ ਖਰੀਦੀ ਗਈ। ਇਹ ਟੀਮ ਸੀ ਕੋਚੀ (ਕੇਰਲਾ ਦੀ ਰਾਜਧਾਨੀ) ਦੀ। ਪਰ ਲਲਿਤ ਮੋਦੀ ਨੇ ਸ਼ਾਇਦ ਨਰਿੰਦਰ ਮੋਦੀ ਨਾਲ ਗੱਲਬਾਤ ਮੁਕਾਈ ਹੋਈ ਸੀ। ਕੋਚੀ ਵਾਲਿਆਂ ਉਤੇ ਪਹਿਲਾਂ ਤਾਂ ਇਹ ਦਬਾਅ ਬਣਾਇਆ ਗਿਆ ਕਿ ਉਹ ਬੋਲੀ 'ਚ ਹਿੱਸਾ ਹੀ ਨਾ ਲੈਣ (ਪ੍ਰਫੁਲ ਪਟੇਲ ਦੀ ਧੀ ਨੇ ਵੀ ਇਸ ਬਾਬਤ ਸ਼ਸ਼ੀ ਥਰੂਰ ਨੂੰ ਈ. ਮੇਲ ਕੀਤੀ ਸੀ)। ਮੋਦੀ ਸਾਹਿਬ ਚਾਹੁੰਦੇ ਸਨ ਕਿ ਅਹਿਮਦਾਬਾਦ ਦੀ ਟੀਮ ਬੋਲੀ ਜਿੱਤੇ। ਫਿਰ ਕੋਚੀ ਵਾਲਿਆਂ ਨੂੰ 50 ਮਿਲੀਅਨ ਡਾਲਰ ਦੀ ਰਿਸ਼ਵਤ ਦੀ ਪੇਸ਼ਕਸ਼ ਵੀ ਹੋਈ, ਉਨ•ਾਂ ਇਹ ਵੀ ਨਾ ਮੰਨੀ। ਲਲਿਤ ਮੋਦੀ ਲਈ ਇਹ ਅਸਹਿਣਯੋਗ ਸੀ। ਆਖਰ ਉਨ•ਾਂ ਨੇ ਇਕ ਹੋਰ ਚੋਭਵਾਂ ਤੀਰ ਛੱਡ ਹੀ ਦਿੱਤਾ। ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਉਤੇ ਇਹ ਇਲਜ਼ਾਮ ਲਾ ਦਿੱਤਾ ਕਿ ਉਨ•ਾਂ ਨੇ ਆਪਣੀ ਹੋਣ ਵਾਲੀ ਤੀਜੀ ਪਤਨੀ ਸੁਨੰਦਾ ਪੁਸ਼ਕਰ ਨੂੰ ਕੋਚੀ ਦੀ ਟੀਮ 'ਚ ਹਿੱਸਾ ਦਿਵਾਉਣ ਲਈ ਆਪਣੇ ਰੁਤਬੇ ਦੀ ਦੁਰਵਰਤੋਂ ਕੀਤੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਮੈਨੂੰ ਤਾਕੀਦ ਕੀਤੀ ਗਈ ਕਿ ਸੁਨੰਦਾ ਦਾ ਨਾਂ ਬਾਹਰ ਨਾ ਆਉਣ ਦਿੱਤਾ ਜਾਵੇ। ਬੱਸ ਇਥੋਂ ਹੀ ਸ਼ੁਰੂ ਹੋ ਗਈ ਇਕ ਦੂਜੇ ਉਤੇ ਚਿੱਕੜ ਸੁੱਟਣ ਦੀ ਖੇਡ। ਸ਼ਸ਼ੀ ਥਰੂਰ ਦੇ ਐਸ. ਐਮ. ਐਸ. ਤੋਂ ਇਹ ਤਾਂ ਸਾਫ਼ ਹੋ ਗਿਆ ਕਿ ਉਹ ਬੋਲੀ ਦੀ ਪ੍ਰਕਿਰਿਆ ਵਿਚ ਹਿੱਸਾ ਲੈ ਰਿਹਾ ਸੀ ਅਤੇ ਲਗਾਤਾਰ ਮੋਦੀ ਨਾਲ ਰਾਬਤਾ ਰੱਖ ਰਿਹਾ ਸੀ। ਸ਼ਸ਼ੀ ਥਰੂਰ ਨੂੰ ਅਸਤੀਫਾ ਤਾਂ ਦੇਣਾ ਪੈ ਗਿਆ, ਪਰ ਉਸਨੇ ਵੀ ਮੋਦੀ ਉਤੇ ਪਲਟ ਕੇ ਵਾਰ ਕਰਦੇ ਹੋਏ, ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਸਾਰੀਆਂ ਟੀਮਾਂ ਦੇ ਹਿੱਸੇਦਾਰਾਂ ਨੂੰ ਹੀ ਕਿਉਂ ਜਨਤਕ ਨਹੀਂ ਕੀਤਾ ਜਾ ਰਿਹਾ? ਬੱਸ ਇੱਥੋਂ ਹੀ ਲੇਖ ਦੇ ਪਹਿਲੇ ਹਿੱਸੇ ਵਿਚ ਦੱਸੀਆਂ ਗਈਆਂ ਘਟਨਾਵਾਂ ਦਾ ਆਗਾਜ਼ ਹੋ ਗਿਆ। ਪ੍ਰਣਬ ਮੁਖਰਜੀ ਨੂੰ ਬਿਆਨ ਦੇਣਾ ਪਿਆ ਕਿ ਉਹ ਇਸ ਗੱਲ ਦੀ ਜਾਂਚ ਕਰਨਗੇ ਕਿ ਆਈ. ਪੀ ਐਲ. ਦਾ ਕਮਾਇਆ ਇਕ ਖਰਬ ਤੋਂ ਵੀ ਵੱਧ ਰੁਪਿਆ ਕਿੱਥੇ ਨਿਵੇਸ਼ ਹੋਇਆ। ਲਲਿਤ ਮੋਦੀ ਤੋਂ ਵੀ ਜਵਾਬ ਮੰਗੇ ਗਏ ਅਤੇ ਆਖਿਰ ਲਲਿਤ ਮੋਦੀ ਦੀ ਛੁੱਟੀ ਹੋ ਗਈ। ਤਮਾਮ ਕਾਰਪੋਰੇਟ ਅਤੇ ਫਿਲਮੀ ਹਸਤੀਆਂ ਜੋ ਆਈ. ਪੀ. ਐਲ. ਨਾਲ ਜੁੜੀਆਂ ਹੋਈਆਂ ਸਨ, ਲਲਿਤ ਮੋਦੀ ਦੇ ਹੱਕ ਵਿਚ ਡੱਟੀਆਂ ਹੋਈਆਂ ਹਨ। ਪਰ ਲੱਗਦੈ ਇਕ ਵਾਰ ਤਾਂ ਵੱਡੇ ਆਕਾਵਾਂ ਨੇ ਮੋਦੀ ਤੋਂ ਆਪਣਾ ਆਸ਼ੀਰਵਾਦ ਵਾਲਾ ਹੱਥ ਖਿੱਚ ਲਿਆ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਨਾ ਤਾਂ ਸ਼ਿਲਪਾ ਸ਼ੈੱਟੀ ਦਾ ਰਾਜਸਥਾਨ ਦੀ ਟੀਮ ਵਿਚ ਅਤੇ ਨਾ ਹੀ ਪਿੰ੍ਰਟੀ ਜ਼ਿੰਟਾ ਦਾ ਪੰਜਾਬ ਦੀ ਟੀਮ ਵਿਚ ਕੋਈ ਹਿੱਸਾ ਹੈ। ਵੈਸੇ ਤਾਂ ਐਸੇ ਘਪਲਿਆਂ ਘੋਟਾਲਿਆਂ ਨਾਲ ਆਸਾਨੀ ਨਾਲ ਨਿਪਟਣ ਦੀ ਭਾਰਤ ਦੇ ਕਾਰਪੋਰੇਟ ਜਗਤ ਅਤੇ ਭ੍ਰਿਸ਼ਟ ਸਿਆਸਤ ਨੂੰ ਮੁਹਾਰਤ ਹਾਸਲ ਹੈ, ਪਰ ਫਿਰ ਵੀ ਇਕ ਧੁੜਕੂ ਸ਼ਾਇਦ ਕੁਝ ਕੁ ਨੂੰ ਲੱਗਿਆ ਹੋਇਆ ਹੋਵੇ ਕਿਉਂਕਿ ਲਲਿਤ ਮੋਦੀ ਨੇ ਇਹ ਸੰਕੇਤ ਦਿੱਤੇ ਹਨ ਕਿ ਜੇ ਉਹ ਫਸਦਾ ਹੈ, ਤਾਂ ਉਹ ਕਈ ਜਾਣੇ ਪਛਾਣੇ ਵੱਡੇ ਛੋਟਿਆਂ ਨੂੰ ਵੀ ਨਾਲ ਲੈ ਕੇ ਡਿੱਗੇਗਾ। ਰਿਪੋਰਟਾਂ ਮੁਤਾਬਕ ਲਲਿਤ ਮੋਦੀ ਕੋਲ ਸਬੂਤਾਂ ਸਣੇ ਮੈਚ ਫਿਕਸਿੰਗ ਕਰਨ ਵਾਲਿਆਂ ਦੇ ਨਾਮ ਵੀ ਹਨ। ਉਮੀਦ ਤਾਂ ਇਹੀ ਕੀਤੀ ਜਾ ਸਕਦੀ ਹੈ ਕਿ ਅੱਗੇ ਜਾ ਕੇ ਮਾਮਲਾ ਰਫਾ ਦਫਾ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾਵੇਗੀ। ਸ਼ਾਇਦ ਇਸੇ ਕਰਕੇ ਯੂ. ਪੀ. ਏ. ਸਰਕਾਰ ਨੇ ਮਾਮਲੇ ਦੀ ਤੈਅ ਤੱਕ ਜਾਣ ਲਈ ਜੁਆਇੰਟ ਸੰਸਦੀ ਕਮੇਟੀ ਬਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਮਾਮਲਾ ਇਨਕਮ ਟੈਕਸ ਵਿਭਾਗ ਨੂੰ ਹੀ ਸੌਂਪਿਆ ਹੋਇਆ ਹੈ, ਤਾਂ ਕਿ ਮਰਜ਼ੀ ਮੁਤਾਬਿਕ ਮੋੜ ਕੱਟਿਆ ਜਾ ਸਕੇ ਜਾਂ ਬ੍ਰੇਕ ਲਗਾਏ ਜਾ ਸਕਣ। ਇਸ ਮਾਮਲੇ 'ਚ ਸਵਾਲ ਮਹਿਜ਼ ਐਨਾ ਹੀ ਰਹਿ ਜਾਂਦਾ ਹੈ ਕਿ ਲਲਿਤ ਮੋਦੀ ਦਾ ਹਾਲ ਹਰਸ਼ਤ ਮਹਿਤਾ ਜਾਂ ਤੇਲਗੀ ਵਾਲਾ ਹੋਵੇਗਾ, ਕਿ ਕੁਆਤਰੋਚੀ ਜਾਂ ਟਾਈਟਲਰ ਵਾਲਾ? ਹਾਂ ਇਸ ਤਮਾਮ ਮਾਮਲੇ ਵਿਚ ਮੀਡੀਆ ਅਤੇ ਪ੍ਰਚਾਰ ਪਸਾਰ ਸਾਧਨਾਂ ਦਾ ਕਰੈਕਟਰ ਪੂਰੀ ਤਰ•ਾਂ ਸਪੱਸ਼ਟ ਹੋ ਗਿਆ ਹੈ। ਇੰਝ ਲੱਗ ਰਿਹਾ ਹੈ ਕਿ ਇਸ ਦੇਸ਼ ਦਾ ਮੀਡੀਆ ਅਤੇ ਜਰਨਲਿਜ਼ਮ ਬਿਲਕੁਲ ਵਿਕਾਊ ਹੋ ਚੁੱਕੇ ਹਨ। ਇਕ ਅੱਧੇ ਨੂੰ ਛੱਡ ਬਾਕੀ ਤਮਾਮ ਮੀਡੀਆ ਕਾਰਪੋਰੇਟ ਲੀਹਾਂ ਉਤੇ ਚੱਲ ਨਿਕਲਿਆ ਹੈ। ਇਕ ਆਈ. ਪੀ. ਐਲ. ਟੀਮ ਵਿਚ ਤਾਂ ਇਕ ਅਖ਼ਬਾਰ ਦੀ ਸਿੱਧੀ ਹਿੱਸੇਦਾਰੀ ਹੈ। ਦੂਜੇ ਅਖਬਾਰ ਵੀ ਆਈ. ਪੀ. ਐਲ. ਟੀਮਾਂ ਦੇ ਮੀਡੀਆ ਭਾਈਵਾਲ ਬਣੇ ਹੋਏ ਹਨ। ਕੋਚੀ ਦੀ ਟੀਮ 'ਚ ਇਕ ਅਖਬਾਰ ਦੇ ਸੰਪਾਦਕ ਦਾ ਹਿੱਸਾ ਸੀ। 'ਪੇਡ ਨਿਊਜ਼' ਦੇ ਘਪਲੇ ਤੋਂ ਬਾਅਦ ਆਈ. ਪੀ. ਐਲ. ਦੇ ਇਸ ਮਾਮਲੇ ਨੇ ਫਿਰ ਵਿਖਾ ਦਿੱਤਾ ਹੈ ਕਿ ਕਿਵੇਂ ਲੋਕਤੰਤਰ (ਅਖੌਤੀ) ਦਾ ਚੌਥਾ ਥੰਮ ਵੀ ਢਹਿ ਢੇਰੀ ਹੋ ਚੱਲਿਆ ਹੈ (ਵੈਸੇ ਸਾਨੂੰ ਕੋਈ ਪਹਿਲਾਂ ਵੀ ਵੱਡਾ ਭੁਲੇਖਾ ਨਹੀਂ ਸੀ)। ਤੜਕ ਭੜਕ, ਗਲੈਮਰ, ਫਜ਼ੂਲ ਦੀਆਂ ਰਿਪੋਰਟਾਂ ਲਈ ਮੀਡੀਆ ਹਰ ਦਮ ਤਿਆਰ ਬਰ ਤਿਆਰ ਹੈ। ਪਰ ਵੱਡੇ, ਬੁਨਿਆਦੀ, ਕੁਰੱਖਤ ਸਵਾਲਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਹੈ। ਆਈ. ਪੀ. ਐਲ. ਦੇ ਇਸ ਸੰਕਟ ਨੂੰ ਵੀ ਮਹਿਜ਼ ਮੋਦੀ ਅਤੇ ਥਰੂਰ ਦੇ ਟਾਕਰੇ ਵਜੋਂ ਹੀ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਅੱਗੇ ਜਾਣ ਦੀ ਇਜਾਜ਼ਤ ਮੀਡੀਆ ਦੇ ਅਸਲੀ ਆਕਾਵਾਂ ਦਾ ਜਮਾਤੀ ਕਿਰਦਾਰ ਨਹੀਂ ਦਿੰਦਾ। ਇਸ ਦਾ ਸਬੂਤ ਹੈ ਆਈ. ਪੀ. ਐਲ. ਮਾਮਲੇ ਦੌਰਾਨ ਉਠਾਏ ਗਏ ਸਵਾਲ। ਕਦੇ ਵੀ ਇਹ ਸਵਾਲ ਕਿਉਂ ਨਹੀਂ ਉਠਾਇਆ ਗਿਆ ਕਿ ਕਿਉਂ ਆਈ. ਪੀ. ਐਲ. ਨੂੰ ਕਰੋੜਾਂ ਅਰਬਾਂ ਰੁਪਏ ਦੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ? ਕਿਉਂ ਕ੍ਰਿਕਟ ਸਟੇਡੀਅਮਾਂ ਲਈ ਜ਼ਮੀਨਾਂ ਅੱਤ ਦੀ ਸਸਤੀ ਲੀਜ਼ ਉਤੇ ਦਿੱਤੀਆਂ ਗਈਆਂ? ਕਿਉਂ ਸਟੇਡੀਅਮ ਏਨੇ ਸਸਤੇ ਭਾਅ ਕਿਰਾਏ 'ਤੇ ਦਿੱਤੇ ਗਏ? ਕਿਉਂ ਬੀ. ਸੀ. ਸੀ. ਆਈ. (ਜੋ ਕਿ ਕਾਗਜ਼ਾਂ ਵਿਚ ਸਮਾਜ ਸੇਵੀ ਸੰਸਥਾ ਹੈ) ਅਤੇ ਆਈ. ਪੀ. ਐਲ. ਨੂੰ ਟੈਕਸ ਮਾਫ ਕਰ ਦਿੱਤਾ ਗਿਆ? ਅਰਬਾਂ ਖਰਬਾਂ ਰੁਪਇਆ ਕਿੱਥੋਂ ਆਇਆ? ਕਿੱਥੇ ਗਿਆ? ਕਿਉਂ ਜਨਤਕ ਖੇਤਰ ਦੀ ਇਕ ਕੰਪਨੀ ਆਪਣੇ ਆਪ ਨੂੰ ਉਸ ਟੀਮ ਦਾ ਸਪਾਂਸਰ ਬਣਾ ਬੈਠੀ, ਜਿਸ ਦਾ ਮਾਲਕ ਸੰਸਾਰ ਦੇ ਸਭ ਤੋਂ ਅਮੀਰ ਬੰਦਿਆਂ 'ਚੋਂ ਇਕ ਹੈ? ਕਿਉਂ ਸੰਸਾਰ ਦੇ ਸਭ ਤੋਂ ਅਮੀਰ ਲੋਕਾਂ ਨੂੰ ਜਨਤਕ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ, ਜਦ ਗਰੀਬਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਦਾ ਘਾਣ ਕੀਤਾ ਜਾ ਰਿਹਾ ਹੈ? ਕੀ ਇਸ ਤਰ•ਾਂ ਦੀ ਜਨਤਕ ਲੁੱਟ ਨੂੰ ਸਰਕਾਰ ਵਲੋਂ ਅੱਖੋਂ ਪਰੋਖੇ ਕਰਨਾ ਅਤੇ ਇਕ ਤਰ•ਾਂ ਮੂਕ ਸਹਿਮਤੀ ਦੇਣਾ ਆਪਣੇ ਆਪ 'ਚ ਜ਼ੁਰਮ ਨਹੀਂ ਹੈ? ਇਹ ਸਵਾਲ ਕਿਉਂ ਨਹੀਂ ਪੁੱਛੇ ਗਏ, ਇਹ ਅਸੀਂ ਬਾਖੂਬੀ ਜਾਣਦੇ ਹਾਂ। ਅਸੀਂ ਇਤਿਹਾਸ ਨੂੰ ਵੀ ਵੇਖਿਆ-ਪੜਿ•ਆ ਹੈ ਅਤੇ ਮੌਜੂਦਾ ਸਮਾਜਿਕ ਸਿਸਟਮ ਨੂੰ ਵੀ ਬਾਖੂਬੀ ਸਮਝਦੇ ਹਾਂ।
ਆਈ. ਪੀ. ਐਲ. ਦਾ ਮਸਲਾ ਅਜੇ ਲਮਕ ਰਿਹਾ ਹੈ। ਇਸ ਲੇਖ ਦੇ ਲਿਖਣ ਤੱਕ ਲਲਿਤ ਮੋਦੀ ਨੇ ਬੀ. ਸੀ. ਸੀ. ਆਈ. ਨੂੰ 10 ਤੋਂ 12000 ਸਫ਼ਿਆਂ ਦਾ ਜਵਾਬ ਸਂੌਪਿਆ ਹੈ। ਪਰ ਸਾਡੀ ਇਸ ਵਿਚ ਬਹੁਤੀ ਦਿਲਚਸਪੀ ਨਹੀਂ ਹੈ। ਇਸ ਵਿਚ ਕੌਣ ਹੋਰ ਫਸਦਾ ਹੈ? ਕੀ ਕਿਸੇ ਨੂੰ ਜੇਲ• ਹੁੰਦੀ ਹੈ? ਕੀ ਹੁਣ ਆਈ. ਪੀ. ਐਲ. 'ਤੇ ਟੈਕਸ ਲੱਗੇਗਾ? ਆਦਿ ਵਰਗੇ ਸਵਾਲ ਵੀ ਮੁੱਖ ਸੁਆਲ ਨਹੀਂ ਹਨ। ਮੁੱਦਾ ਹੈ ਇਹੋ ਜਿਹੇ ਖਾਸ ਵਰਤਾਰਿਆ ਦਾ ਮੁਲਾਂਕਣ ਕਰਦੇ ਹੋਏ ਆਮ ਪ੍ਰਕਿਰਿਆ ਨੂੰ ਸਮਝਣ ਦਾ। ਆਈ. ਪੀ. ਐਲ. ਆਪਣੇ ਆਪ 'ਚ ਪੂਰੇ ਸਮਾਜ ਤੋਂ ਟੁੱਟ ਕੇ ਵਾਪਰੀ ਕੋਈ ਘਟਨਾ ਨਹੀਂ ਹੈ। ਇਹ ਪੂਰੀ ਸਮਾਜਿਕ ਪ੍ਰਕਿਰਿਆ ਦਾ ਅੰਗ ਹੈ। ਤਾਂ ਅਸਲ ਵਿਚ ਆਈ. ਪੀ. ਐਲ. ਨੂੰ ਸਮਝਣ ਦਾ ਨੁਕਤਾ ਕੀ ਹੈ? ਖੁਦ ਆਈ. ਪੀ. ਐਲ. ਕੀ ਹੈ?
ਸਾਡੇ ਸੱਭਿਆਚਾਰ, ਰਾਜ ਵਿਵਸਥਾ ਅਤੇ ਆਰਥਿਕਤਾ ਦਾ ਜੋ ਕੁਝ ਗਲਿਆ ਸੜਿਆ ਗੰਦ ਮੰਦ ਹੈ, ਆਈ. ਪੀ. ਐਲ. ਉਸ ਦਾ ਪ੍ਰਤੀਕ ਹੈ। ਆਈ. ਪੀ. ਐਲ. ਮਨਮੋਹਨ ਸਿੰਘ-ਮੋਨਟੇਕ ਸਿੰਘ ਦੀਆਂ ਆਰਥਿਕ ਨੀਤੀਆਂ ਦਾ ਬੇਨਕਾਬ ਹੋਇਆ ਚਿਹਰਾ ਹੈ। ਆਈ. ਪੀ. ਐਲ. ਇਸੇ ਸਿਸਟਮ ਦੇ ਅੰਦਰ ਬਰਾਬਰਤਾ ਲੱਭਣ ਵਾਲਿਆਂ ਦੇ ਮੂੰਹ 'ਤੇ ਕਰਾਰਾ ਥੱਪੜ ਹੈ। ਆਈ. ਪੀ. ਐਲ. ਨਵਉਦਾਰਵਾਦੀ ਭਾਰਤ ਅੰਦਰ ਵੱਡੇ ਕਾਰਪੋਰੇਟਾਂ ਅਤੇ ਭ੍ਰਿਸ਼ਟ ਸਿਆਸਤਦਾਨਾਂ ਦਾ ਇਕ ਮਜਬੂਤ ਦਾਅਵਾ ਹੈ ਕਿ ਉਹ ਰਾਜ ਅਤੇ ਕਾਨੂੰਨ ਤੋਂ ਹਮੇਸ਼ਾ ਉਪਰ ਹਨ। ਆਈ. ਪੀ. ਐਲ. ਭਾਰਤ ਅੰਦਰ ਵਾਪਰ ਰਹੀ ਉਸ ਪ੍ਰਕਿਰਿਆ ਦਾ ਇਕ ਜਿਉਂਦਾ ਜਾਗਦਾ ਸਬੂਤ ਹੈ, ਜਿਸ ਪ੍ਰਕਿਰਿਆ ਅਧੀਨ ਹਰ ਜਨਤਕ ਸਾਧਨ ਦਾ ਨਿੱਜੀਕਰਨ ਕਰ ਦਿੱਤਾ ਜਾਂਦਾ ਹੈ ਅਤੇ ਨਿੱਜੀ ਵਪਾਰੀਆਂ ਨੂੰ ਮੁਨਾਫਾ ਖੱਟਣ ਲਈ ਉਹ ਸਾਧਨ ਵੇਚ ਦਿੱਤੇ ਜਾਂਦੇ ਹਨ ਅਤੇ ਕੁਝ ਸਰਕਾਰੀ ਦਲਾਲ ਇਸ ਵਿਚੋਂ ਕੁਝ ਪੈਸਾ ਕਮਾ ਲੈਂਦੇ ਹਨ। ਇਹੀ ਖਾਣਾਂ ਨਾਲ ਹੋ ਰਿਹਾ ਹੈ, ਸਕੂਲਾਂ ਨਾਲ ਹੋ ਰਿਹਾ ਹੈ, ਬਿਜਲੀ ਬੋਰਡਾਂ ਨਾਲ ਹੋ ਰਿਹਾ ਹੈ, ਹਸਪਤਾਲਾਂ ਨਾਲ ਹੋ ਰਿਹਾ ਹੈ, ਸੜਕਾਂ ਨਾਲ ਹੋ ਰਿਹਾ ਹੈ ਅਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿਸ ਕਿਸ ਜਨਤਕ ਪ੍ਰਾਪਰਟੀ ਨਾਲ ਹੋ ਰਿਹਾ ਹੈ। ਬੋਫਰਜ਼ ਘੋਟਾਲਾ, ਤਾਬੂਤ ਘਪਲਾ, ਸਟੈਂਪ ਪੇਪਰ ਘਪਲਾ, ਹਰਸ਼ਦ ਮਹਿਤਾ ਘੋਟਾਲਾ, 2-ਜੀ ਸਪੈਕਟਰਮ ਘਪਲਾ... ਆਈ. ਪੀ. ਐਲ. ਦੇਸ਼ ਦੀ ਆਜ਼ਾਦੀ ਬਾਅਦ ਹੋਏ ਹਜ਼ਾਰਾਂ ਵੱਡੇ ਘਪਲਿਆਂ ਘੋਟਾਲਿਆਂ ਦੀ ਲੰਬੀ ਲਿਸਟ ਵਿਚ ਜੁੜਿਆ ਇਕ ਨਵਾਂ ਨਾਂ ਹੈ। ਅਤੇ ਸਭ ਤੋਂ ਉਤੇ ਆਈ. ਪੀ. ਐਲ. ਤਮਾਮ ਮਿਹਨਤਕਸ਼ਾਂ ਅਤੇ ਇਨਕਲਾਬੀ-ਅਗਾਂਹਵਧੂ ਵਿਚਾਰਕਾਂ ਲਈ ਇਕ ਚਿਤਾਵਨੀ ਹੈ। ਆਈ. ਪੀ. ਐਲ. ਇਸ ਤੋਂ ਵੱਧ ਕੁਝ ਵੀ ਨਹੀਂ ਹੈ, ਆਈ. ਪੀ. ਐਲ. ਹੋਰ ਕੁਝ ਵੀ ਨਹੀਂ ਹੈ।
No comments:
Post a Comment